ਇੰਗਲੈਂਡ ਵਿੱਚੋਂ ਰੋਕੋ ਕੈਂਸਰ ਨੂੰ ਮਿਲ ਰਿਹੈ ਵਿਆਪਕ ਹੁੰਗਾਰਾ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਵਿੱਚੋਂ ਕੈਂਸਰ ਦੀ ਜੜ੍ਹ ਪੁੱਟਣ ਦੇ ਮਨਸ਼ੇ ਨਾਲ ਸੇਵਾ ਵਿੱਚ ਜੁਟੀ ਸੰਸਥਾ ਰੋਕੋ ਕੈਂਸਰ ਨੂੰ ਇੰਗਲੈਂਡ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੰਸਥਾ ਦੇ ਅੰਤਰਰਾਸ਼ਟਰੀ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਦਿਨ ਰਾਤ ਇੱਕ ਕਰਕੇ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦਾ ਸਿੱਟਾ ਹੈ ਕਿ ਉਹਨਾਂ ਕੋਲ ਪੰਜਾਬ ਵਿੱਚ ਲਗਾਉਣ ਵਾਲੇ ਕੈਂਸਰ ਚੈੱਕਅਪ ਕੈਂਪਾਂ ਦੀ ਅਥਾਹ ਬੁਕਿੰਗ ਹੋ ਰਹੀ ਹੈ। ਬੀਤੇ ਦਿਨੀਂ ਬਾਬਾ ਲੱਖਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ ਕਲੇਰਾਂ ਵੱਲੋਂ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਉੱਪਰ ਕੈਂਸਰ ਚੈੱਕਅਪ ਕੈਂਪ ਲਗਵਾਉਣ ਦੀ ਹਾਮੀ ਦੇ ਨਤੀਜੇ ਵਜੋਂ ਸਾਹਿਬ ਮੈਗਜ਼ੀਨ ਦੇ ਸੰਪਾਦਕ ਰਣਜੀਤ ਸਿੰਘ ਰਾਣਾ, ਗੁਰਦੁਆਰਾ ਨਿਸ਼ਕਾਮ ਸੇਵਕ ਸੋਹੋ ਰੋਡ ਬਰਮਿੰਘਮ ਦੇ ਮੁੱਖ ਸੇਵਾਦਾਰ ਸੰਤ ਮਹਿੰਦਰ ਸਿੰਘ ਕਰੀਚੋਂ ਵਾਲਿਆਂ ਦੀ ਹਾਜ਼ਰੀ ਵਿੱਚ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ ਕੇ ਦੇ ਆਗੂਆਂ ਡਾ: ਤਾਰਾ ਸਿੰਘ ਆਲਮ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਸਕੱਤਰ ਹਰਜੀਤ ਸਿੰਘ ਸਿੱਧੂ, ਤਰਸੇਮ ਸਿੰਘ ਧਨੋਆ, ਇੰਦਰਜੀਤ ਸਿੰਘ ਮਠਾੜੂ ਆਦਿ ਨੇ ਬਰਸੀ ਉੱਪਰ ਲੱਗਣ ਵਾਲੇ ਕੈਂਪਾਂ ਵਿੱਚੋਂ ਚਾਰ ਕੈਂਪਾਂ ਦਾ ਖਰਚਾ ਸੰਸਥਾ ਵੱਲੋਂ ਦੇਣ ਦੀ ਜ਼ਿੰਮੇਵਾਰੀ ਲਈ ਸੀ। ਹਾਜ਼ਰੀਨ ਵੱਲੋਂ ਉਕਤ ਰਾਸ਼ੀ ਸ੍ਰੀ ਧਾਲੀਵਾਲ ਦੇ ਸਪੁਰਦ ਕੀਤੀ ਗਈ। ਇਸ ਉਪਰੰਤ ਡਾ: ਤਾਰਾ ਸਿੰਘ ਆਲਮ ਨੇ ਸਮੂਹ ਪਰਦੇਸੀਂ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇ ਉਹ ਸਚਮੁੱਚ ਹੀ ਆਪਣੇ ਮਾ ਪਿਓ, ਆਪਣੀ ਜਨਮ ਭੂਮੀ ਨੂੰ ਪਿਆਰ ਕਰਦੇ ਹਨ ਤਾਂ ਪੰਜਾਬ ਨੂੰ ਕੈਂਸਰ ਦੇ ਚੁੰਗਲ ਵਿੱਚੋਂ ਮੁਕਤ ਕਰਵਾਉਣ ਲਈ ਰੋਕੋ ਕੈਂਸਰ ਦਾ ਸਾਥ ਦੇਣ।

No comments:

Post a Comment